Sunday, 10 January 2021

Chapter-12-Equilibrium in Perfect Competition

0 comments

L- 12-ਪੂਰਨ ਪ੍ਰਤੀਯੋਗਤਾ ਵਿੱਚ ਕੀਮਤ ਨਿਰਧਾਰਨ; ਸੰਤੁਲਤ ਕੀਮਤ

 

(ਇੱਕ ਅੰਕ ਵਾਲ਼ੇ ਪ੍ਰਸ਼ਨ)

 

 

ਪ੍ਰ.1:- ਸੰਤੁਲਨ ਕੀਮਤ..........ਰਾਹੀ' ਨਿਰਧਾਰਤ ਕੀਤੀ ਜਾਂਦੀ ਹੈ।

ਉੱਤਰ:-ਉਦਯੌਗ

ਪ੍ਰ.2:- ਜਦੋ ਮੰਗ ਅਧਿਕ ਹੁੰਦੀ ਹੈ ਤਾਂ ਕੀਮਤ ਵਿੱਚ ...... ਆਵੇਗਾ।

ਉੱਤਰ:- ਉਛਾਲ।

ਪ੍ਰ.3:-ਜੇਕਰ ਵਸਤੂ ਦੀ ਮੰਗ ਘੱਟਦੀ ਹੈ ਤਾਂ ਸੰਤੁਲਨ ਕੀਮਤ....... ਹੈ।

ਉੱਤਰ:-ਘੱਟਦੀ ।

 

(ਦੋ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ.1:- ਮੰਗ ਵਿੱਚ ਵਾਧੇ ਜਾਂ ਕਮੀ ਨਾਲ ਸੰਤੁਲਤ ਕੀਮਤ ਤੇ ਕੀ ਪ੍ਰਭਾਵ ਪੈਂਦਾ ਹੈ?

ਉੱਤਰ:- ਬਾਕੀ ਗੱਲਾਂ ਸਮਾਨ ਰਹਿਣ ਤੇ ਵਸਤੂ ਦੀ ਮੰਗ ਵਿੱਚ ਵਾਧੇ ਨਾਲ ਕੀਮਤ ਵਿੱਚ ਵਾਧਾ ਹੁੰਦਾ ਹੈ।ਮੰਗ ਵਿੱਚ ਕਮੀ ਹੋਣ ਨਾਲ ਕੀਮਤ ਵਿੱਚ ਕਮੀ ਹੁੰਦੀ ਹੈ।

 

ਪ੍ਰ.2:- ਪੂਰਤੀ ਵਿੱਚ ਵਾਧੇ ਜਾਂ ਕਮੀ ਨਾਲ ਸੰਤੁਲਤ ਕੀਮਤ ਤੇ ਕੀ ਪ੍ਰਭਾਵ ਪੈਂਦਾ ਹੈ?

ਉੱਤਰ:- ਬਾਕੀ ਗੱਲਾਂ ਸਮਾਨ ਰਹਿਣ ਤੇ ਵਸਤੂ ਦੀ ਪੂਰਤੀ ਵਿੱਚ ਵਾਧੇ ਨਾਲ ਕੀਮਤ ਵਿੱਚ ਕਮੀ ਹੁੰਦੀ ਹੈ ਅਤੇ ਪੂਰਤੀ ਵਿੱਚ ਕਮੀ ਹੋਣ ਨਾਲ ਕੀਮਤ ਵਿੱਚ ਵਾਧਾ ਹੁੰਦਾ ਹੈ।

 

ਪ੍ਰ.3:- ਬਾਜ਼ਾਰ ਸਮਾਂ ਕੀ ਹੈ?

ਉੱਤਰ:-ਬਾਜ਼ਾਰ ਸਮਾਂ ਉਹ ਕਾਲ ਹੈ, ਜਦੋਂ ਪੂਰਤੀ ਨੂੰ ਬਿਲਕੁਲ ਨਹੀਂ ਬਦਲਿਆ ਜਾ ਸਕਦਾ। ਕਿਉਂ ਕਿ ਇਸ ਸਮੇ ਵਿੱਚ ਉਤਪਾਦਨ ਨੂੰ ਬਦਲਣਾ ਸੰਭਵ ਨਹੀਂ ਹੁੰਦਾ। ਇਸ ਕਾਲ ਵਿੱਚ ਮੰਗ ਵੱਧ ਮਹੱਤਵਪੂਰਨ ਹੁੰਦੀ ਹੈ ।

 

ਪ੍ਰ.4- ਅਲਪ ਕਾਲ ਤੋਂ ਕੀ ਭਾਵ ਹੈ?

ਉੱਤਰ:-ਅਲਪ ਕਾਲ ਸਮੇਂ ਦੀ ਉਹ ਮਿਆਦ ਹੈ ਜਿਸ ਵਿੱਚ ਉਤਪਾਦਨ ਦਾ ਘੱਟੋ-ਘੱਟ ਇੱਕ ਸਾਧਨ ਸਥਿਰ ਰਹਿੰਦਾ ਹੈ ਉਤਪਾਦਨ ਦੇ ਸਥਿਰ ਸਾਧਨ ਦੀ ਪੂਰਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਪਰਿਵਰਤਨਸ਼ੀਲ ਕਾਰਕਾਂ ਦੀ ਮਾਤਰਾ ਵੱਧ ਜਾਂ ਘੱਟ ਕਰਕੇ ਉਤਪਾਦਨ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ।

 

ਪ੍ਰ.5:- ਦੀਰਘਕਾਲ ਤੋਂ ਕੀ ਭਾਵ ਹੈ?

ਉੱਤਰ:- ਦੀਰਘਕਾਲ ਸਮੇ ਦੀ ਉਹ ਮਿਆਦ ਹੈ ਜਿਸ ਵਿੱਚ ਉਤਪਾਦਨ ਦੇ ਸਾਰੇ ਸਾਧਨ ਪਰਿਵਰਤਨਸ਼ੀਲ ਹੁੰਦੇ ਹਨ। ਪੂਰਤੀ ਨੂੰ ਮੰਗ ਵਿੱਚ ਕਮੀ ਜਾਂ ਵਾਧੇ ਅਨੁਸਾਰ ਵੱਧ ਜਾਂ ਘੱਟ ਕੀਤਾ ਜਾ ਸਕਦਾ ਹੈ।

 

ਪ੍ਰ.6:- ਜਦੋਂ ਸਥਾਨਾਪੰਨ ਵਸਤਾਂ ਦੀ ਕੀਮਤ ਵੱਧ ਜਾਂਦੀ ਹੈ ਤਾਂ ਇਸ ਨਾਲ ਉਪਭੋਗ ਤੇ ਕੀ ਪ੍ਰਭਾਵ ਪੈਂਦਾ ਹੈ?

ਉੱਤਰ:- ਕਿਸੇ X ਵਸਤੂ ਦੇ ਸਥਾਨਾਪੰਨ ਦੀ ਕੀਮਤ ਵੱਧ ਜਾਂਦੀ ਹੈ ਤਾਂ X ਵਸਤੂ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਮੰਗ ਵਕਰ ਸੱਜੇ ਪਾਸੇ ਖਿਸਕ ਜਾਂਦੀ ਹੈ।

 

ਪ੍ਰ.7:- ਜਦੋਂ ਪੂਰਕ ਵਸਤਾਂ ਦੀ ਕੀਮਤ ਵੱਧ ਜਾਂਦੀ ਹੈ ਤਾਂ ਇਸ ਨਾਲ ਉਪਭੋਗ ਤੇ ਕੀ ਪ੍ਰਭਾਵ ਪੈਂਦਾ ਹੈ?

ਉੱਤਰ:- ਜਦੋਂ ਕਿਸੇ X ਵਸਤੂ ਦੀ ਪੂਰਕ ਵਸਤਾਂ ਦੀ ਕੀਮਤ ਵੱਧ ਜਾਂਦੀ ਹੈ ਤਾਂ Xਵਸਤੂ ਦੀ ਮੰਗ ਵਿੱਚ ਕਮੀ ਹੋ ਜਾਂਦਾ ਹੈ ਅਤੇ ਮੰਗ ਵਕਰ ਖੱਬੇ ਪਾਸੇ ਖਿਸਕ ਜਾਂਦੀ ਹੈ।ਪੈਟਰੌਲ ਦੀ ਕੀਮਤ ਵਧਣ ਨਾਲ ਕਾਰਾਂ ਦੀ ਮੰਗ ਘੱਟ ਹੋ ਜਾਂਦੀ ਹੈ।

 

ਪ੍ਰ.8:-ਜਦੋ ਉਤਪਾਦਨ ਕਰ ਵਿੱਚ ਵਾਧਾ ਹੁੰਦਾ ਹੈ ਬਾਜ਼ਾਰ ਕੀਮਤ ਅਤੇ ਮਾਤਰਾ ਤੇ ਕੀ ਪ੍ਰਭਾਵ ਪੈਂਦਾ ਹੈ?

ਉੱਤਰ:- ਜਦੋ ਉਤਪਾਦਨ ਕਰ ਵਿੱਚ ਵਾਧਾ ਹੁੰਦਾ ਹੈ ਤਾਂ ਬਾਜ਼ਾਰ ਕੀਮਤ ਵੱਧ ਜਾਂਦੀ ਹੈ ਅਤੇ ਮੰਗ ਦੀ ਮਾਤਰਾ ਘੱਟ ਹੋ ਜਾਂਦੀ ਹੈ।

 

ਪ੍ਰ.9:- ਜਦੋਂ ਪੂਰਤੀ ਵੱਧਦੀ ਜਾਂ ਘੱਟਦੀ ਹੈ ਤਾਂ ਕਿਸ ਸਥਿਤੀ ਵਿੱਚ ਕੀਮਤ ਸਥਿਰ ਹੋਵੇਗੀ?

ਉੱਤਰ:- ਜਦੋਂ ਪੂਰਤੀ ਵੱਧਦੀ ਜਾਂ ਘੱਟਦੀ ਹੈ ਤਾਂ ਉਸ ਸਥਿਤੀ ਵਿੱਚ ਕੀਮਤ ਸਥਿਰ ਹੋਵੇਗੀ ਜਦੋਂ ਮੰਗ ਵੀ ਉਸੇ ਉਨੁਪਾਤ ਵਿੱਚ ਵੱਧਦੀ ਜਾਂ ਘੱਟਦੀ ਹੈ।

 

ਪ੍ਰ.10:- ਸੰਤੁਲਤ ਕੀਮਤ ਦੀ ਪਰਿਭਾਸ਼ਾ ਦਿਓ।

ਉੱਤਰ:- ਜਿਥੇ ਕਿਸੇ ਵਸਤੂ ਦੀ ਬਾਜ਼ਾਰ ਮੰਗ ਅਤੇ ਉਸ ਦੀ ਪੂਰਤੀ ਬਰਾਬਰ ਹੁੰਦੀ ਹੈ ਉਸ ਨੂੰ ਸੰਤੁਲਨ ਬਿੰਦੂ ਕਹਿੰਦੇ ਹਨ। ਸੰਤੁਲਨ ਕੀਮਤ=ਬਾਜ਼ਾਰ ਮੰਗ=ਬਾਜ਼ਾਰ ਪੂਰਤੀ।

 

(ਚਾਰ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ. 1- ਪੂਰਨ ਮੁਕਾਬਲੇ ਵਿੱਚ ਸੰਤੁਲਤ ਕੀਮਤ ਕਿਵੇ ਨਿਰਧਾਰਨ ਹੁੰਦੀ ਹੈ?

ਉੱਤਰ:- ਪੂਰਨ ਮੁਕਾਬਲੇ ਵਿੱਚ ਸੰਤੁਲਤ ਕੀਮਤ, ਵਸਤੂ ਦੀ ਬਾਜ਼ਾਰ ਮੰਗ ਅਤੇ ਉਸ ਦੀ ਪੂਰਤੀ ਦੀ ਅੰਤਰਕਿਰਿਆ ਦੁਆਰਾ ਨਿਰਧਾਰਿਤ ਹੁੰਦੀ ਹੈ। ਸੰਤੁਲਨ ਕੀਮਤ ਉਸ ਕੀਮਤ ਨੂੰ ਕਹਿੰਦੇ ਹਨ ਜਿਸ ਉਤੇ ਵਸਤੂ ਦੀ ਬਾਜ਼ਾਰ ਮੰਗ ਅਤੇ ਉਸ ਦੀ ਪੂਰਤੀ ਬਰਾਬਰ ਹੁੰਦੀ ਹੈ। ਚਿੱਤਰ ਵਿੱਚ OP ਵਸਤੂ ਦੀ ਸੰਤੁਲਨ ਕੀਮਤ ਹੈ । E ਬਿੰਦੂ ਤੇ ਅਤੇ ਬਾਜ਼ਾਰ ਮੰਗ ਅਤੇ ਵਸਤੂ ਦੀ ਪੂਰਤੀ ਬਰਾਬਰ ਹਨ। ਸੰਤੁਲਨ ਬਿੰਦੂ E ਹੈ।

 

ਪ੍ਰ.2. (i) ਕੀਮਤ ਨਿਯੰਤਰਨ ਅਤੇ (ii) ਨਿਊਨਤਮ ਉਤਸ਼ਾਹਿਤ ਕੀਮਤ (iii) ਤੋਂ ਕੀ ਭਾਵ ਹੈ?

ਉੱਤਰ:- ਨਿਯੰਤਰਨ ਕੀਮਤ ਤੋਂ ਭਾਵ ਉਹ ਕੀਮਤ ਜੋ ਸਰਕਾਰ ਰਾਹੀ ਸੰਭਾਵਿਤ ਸੰਤੁਲਨ ਪੱਧਰ ਵਾਲੀ ਕੀਮਤ ਤੋਂ ਹੇਠਾਂ ਨਿਰਧਾਰਿਤ ਕੀਤੀ ਜਾਂਦੀ ਹੈ।ਤਾਂ ਜੋ ਗਰੀਬ ਲੋਕਾਂ ਨੂੰ ਵਿਸ਼ੇਸ਼ ਵਸਤੂਆਂ ਪ੍ਰਾਪਤ ਹੋ ਸਕਣ। ਜਿਵੇਂ ਮਿੱਟੀ ਦੇ ਤੇਲ ਦੀ ਕੀਮਤ।

ਨਿਊਨਤਮ ਉਤਸ਼ਾਹਿਤ ਕੀਮਤ (MSP) ਕੀਮਤ ਤੋਂ ਭਾਵ ਉਹ ਕੀਮਤ ਜੌ ਸਰਕਾਰ ਰਾਹੀਂ ਸੰਭਾਵਿਤ ਸੰਤੁਲਨ ਪੱਧਰ ਵਾਲੀ ਕੀਮਤ ਤੋਂ ਉਪਰ ਨਿਰਧਾਰਿਤ ਕੀਤੀ ਜਾਂਦੀ ਹੈ, ਤਾਂ ਜੌ ਕਿਸਾਨਾਂ ਦੀ ਆਮਦਨ ਨੂੰ ਸਥਿਰ ਰੱਖਿਆ ਜਾ ਸਕੇ ਜਿਵੇ ਕਣਕ,ਝੌਨੇ ,ਮੱਕੀ ਦੀ ਘੱਟੋ-ਘੱਟ ਸਮਰਥਨ ਕੀਮਤ।

 

(ਛੇ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ.1:- ਪੂਰਨ ਮੁਕਾਬਲੇ ਵਿੱਚ ਸੰਤੁਲਨ ਕੀਮਤ ਕਿਵੇਂ ਨਿਰਧਾਰਨ ਹੁੰਦੀ ਹੈ?

ਉੱਤਰ:- ਪੂਰਨ ਪ੍ਰਤੀਯੋਗਤਾ ਦੀ ਅਵਸਤਾ ਵਿੱਚ ਸੰਤੁਲਨ ਕੀਮਤ (i) ਬਾਜ਼ਾਰ ਦੀ ਮੰਗ (ii) ਬਾਜ਼ਾਰ ਪੂਰਤੀ ਦੀਆਂ ਸ਼ਕਤੀਆਂ ਦੁਆਰਾ ਨਿਰਧਾਰਤ ਹੁੰਦੀ ਹੈ।

ਬਾਜ਼ਾਰ ਮੰਗ ਤੋਂ ਭਾਵ ਕਿਸੇ ਵਸਤੂ ਲਈ ਮੰਗ ਦੇ ਉਸ ਕੁੱਲ ਜੋੜ ਨਾਲ ਹੈ ਜੋ ਬਾਜ਼ਾਰ ਦੇ ਸਾਰੇ ਖਰੀਦਦਾਰਾਂ ਦੁਆਰਾ ਕੀਤੀ ਜਾਂਦੀ ਹੈ।

(ii)ਬਾਜ਼ਾਰ ਪੂਰਤੀ ਤੋਂ ਭਾਵ ਕਿਸੇ ਵਸਤੂ ਦੀ ਪੂਰਤੀ ਦੇ ਉਸ ਕੁੱਲ ਜੋੜ ਤੋਂ ਹੈ ਜੋ ਬਾਜ਼ਾਰ ਵਿੱਚ ਸਾਰੀਆਂ ਫਰਮਾਂ ਵੇਚਣ ਲਈ ਤਿਆਰ ਹਨ।

ਸੰਤੁਲਨ ਕੀਮਤ ਦਾ ਪਤਾ ਲਗਾਉਣ ਲਈ ਅਰਥ-ਸ਼ਾਸਤਰ ਦੇ ਵਿਦਿਆਰਥੀਆਂ ਨੂੰ ਉਸ ਕੀਮਤ ਦਾ ਪਤਾ ਲਗਉਣਾ ਹੈ

ਜਿਥੇ ਬਾਜ਼ਾਰ ਦੀ ਮੰਗ= ਬਾਜ਼ਾਰ ਪੂਰਤੀ ਇਸ ਨੂੰ ਹੇਨ ਲਿਖੀ ਤਾਲਿਕਾ ਵਿੱਚ ਸਪੱਸ਼ਟ ਕੀਤਾ ਗਿਆ ਹੈ।

ਤਾਲਿਕਾ; ਪੂਰਨ ਪ੍ਰਤੀਯੋਗਤਾ ਵਿੱਚ ਸੰਤੁਲਨ ਕੀਮਤ ਦਾ ਨਿਰਧਾਰਨ;

ਕੀਮਤ (ਰੁ :)

ਆਈਸ ਕਰੀਮ ਦੀ ਪੂਰਤੀ (ਦਰਜਨ)

ਆਈਸ ਕਰੀਮ ਦੀ ਮੰਗ(ਦਰਜਨ)

75

50

10

60

40

20

30

30

30

20

20

40

10

10

50

 

ਤਾਲਿਕਾ ਤੋਂ ਪਤਾ ਲਗਦਾ ਹੈ ਕਿ ਜਦੋਂ ਆਈਸ ਕਰੀਮ ਦੀ ਕੀਮਤ 75ਰੁ: ਹੈ ਤਾ ਪੂਰਤੀ 50 ਦਰਜਨ ਹੈ ਅਤੇ ਮੰਗ 10 ਦਰਜਨ ਹੈ।ਦੁਕਾਨਦਾਰ ਆਈਸ ਕਰੀਮ ਦੀ ਵਿਕਰੀ ਵਧਾਉਣ ਲਈ ਉਸ ਦੀ ਕੀਮਤ ਘੱਟ ਕਰ ਦੇਣਗੇ। ਮੰਨ ਲਓ ਵਿਕ੍ਰੇਤਾ ਕੀਮਤ ਨੂੰ 75 ਰੁ: ਤੋਂ ਘੱਟ ਕਰਕੇ 60 ਰੁ: ਕਰ ਦਿੰਦੇ ਹਨ,ਸਿੱਟੇ ਵਜੋਂ ਆਈਸ ਕਰੀਮ ਦੀ ਮੰਗ ਵਧ ਕੇ 20 ਦਰਜਨ ਹੋ ਜਾਂਦੀ ਹੈ ਅਤੇ ਪੂਰਤੀ ਘੱਟ ਹੋ ਕੇ 40 ਦਰਜਨ ਹੋ ਜਾਂਦੀ ਹੈ।ਪਰ ਇਸ ਕੀਮਤ ਤੇ ਵੀ ਆਈਸ ਕਰੀਮ ਦੀ ਮੰਗ ਉਸ ਦੀ ਪੂਰਤੀ ਤੋਂ ਘੱਟ ਹੈ। ਦੁਕਾਨਦਾਰ ਉਸ ਦੀ ਕੀਮਤ ਘਟਾ ਕੇ 30 ਰੁ: ਕਰ ਦਿੰਦੇ ਹਨ। ਇਸ ਕੀਮਤ ਤੇ ਆਈਸ ਕਰੀਮ ਦੀ ਮੰਗ ਅਤੇ ਪੂਰਤੀ ਬਰਾਬਰ ਭਾਵ 30 ਦਰਜਨ ਹੋ ਜਾਂਦੀ ਹੈ। ਇਸ ਲਈ 30ਰੁ: ਹੀ ਆਈਸ ਕਰੀਮ ਦੀ ਸੰਤੁਲਨ ਕੀਮਤ ਕਹਾਏਗੀ। ਜੇਕਰ ਕੀਮਤ 30ਰੁ: ਤੋਂ ਘੱਟ ਹੋ ਕੇ 20 ਰੁ: ਹੋ ਜਾਂਦੀ ਹੈ ਤਾਂ ਆਈਸ ਕਰੀਮ ਦੀ ਮੰਗ ਵੱਧਕੇ 40 ਦਰਜਨ ਅਤੇ ਪੂਰਤੀ 20 ਦਰਜਨ ਰਹਿ ਜਾਵੇਗੀ। ਮੰਗ ਦੇ ਪੂਰਤੀ ਦੀ ਤੁਲਨਾ ਵਿੱਚ ਅਧਿਕ ਹੋਣ ਦੇ ਕਾਰਨ ਕੀਮਤ ਵੱਧ ਕੇ 30 ਰੁ: ਹੋ ਜਾਵੇਗੀ ।ਇਸ ਤਰ੍ਹਾਂ ਪੂਰਨ ਪ੍ਰਤੀਯੋਗਤਾ ਦੀ ਸਥਿਤੀ ਵਿੱਚ ਬਾਜ਼ਾਰ ਕੀਮਤ, ਸੰਤੁਲਨ ਕੀਮਤ ਦੇ ਬਰਾਬਰ ਨਿਰਧਾਰਤ ਹੋਵੇਗੀ, ਉਹ ਨਾ ਤਾਂ ਇਸ ਤੋਂ ਘੱਟ ਅਤੇ ਨਾ ਹੀ ਇਸ ਤੋੱ ਅਧਿਕ ਨਿਰਧਾਰਿਤ ਹੋਵੇਗੀ।

ਸੰਤੁਲਨ ਕੀਮਤ ਦੇ ਨਿਰਧਾਰਨ ਨੰ ਚਿੱਤਰ ਦੁਆਰਾ ਸਪੱਸ਼ਟ ਕੀਤਾ ਜਾ ਸਕਦਾ ਹੈ।ਇਸ ਚਿੱਤਰ ਵਿੱਚ OA ਸੰਤੁਲਨ ਕੀਮਤ ਹੈ ਜਿਥੇ ਮੰਗ ਵਕਰ DD ਅਤੇ ਪੂਰਤੀ ਵਕਰ SS ਇਕ ਦੂਸਰੇ ਨੂੰ ਕੱਟਦੀਆ ਹਨ ਭਾਵ ਮੰਗ ਅਤੇ ਪੂਰਤੀ ਬਰਾਬਰ ਹੈ। ਵੱਧ ਕੇ ਕੀਮਤ OB ਹੋਣ ਤੇ ਵਸਤੂ ਦੀ ਮੰਗ ਵਸਤੂ ਦੀ ਪੂਰਤੀ ਨਾਲੋਂ ਘੱਟ ਹੋਵੇਗੀ ਇਸ ਲਈ ਕੀਮਤ ਘੱਟ ਹੋ ਕੇ OA ਹੋ ਜਾਵੇਗੀ ।ਘੱਟ ਕੇ ਕੀਮਤ OC ਹੌਣ ਤੇ ਵਸਤੂ ਦੀ ਮੰਗ ਵਸਤੂ ਦੀ ਪੂਰਤੀ ਨਾਲੋਂ ਵੱਧ ਹੋਵੇਗੀ ਇਸ ਲਈ ਕੀਮਤ ਵੱਧ ਹੋ ਕੇ ਮੁੜ OA ਹੋ ਜਾਵੇਗੀ। ਇਸ ਤੋਂ ਸਪੱਸ਼ਟ ਹੈ ਕਿ ਚਿੱਤਰ ਵਿੱਚ OA ਸੰਤੁਲਨ ਕੀਮਤ ਦਾ ਪੱਧਰ ਹੈ ।

ਮਾਨਤਾਵਾਂ:- (i) ਕੀਮਤ ਅਤੇ ਪੂਰਤੀ ਵਿੱਚ ਧਨਾਤਮਿਕ ਸਬੰਧ ਹੈ। ਭਾਵ ਪੂਰਤੀ ਵਕਰ ਦਾ ਢਲਾਣ ਖੱਬੇ ਤੋਂ ਸੱਜੇ ਉਪਰ ਵੱਲ ਹੁੰਦਾ ਹੈ।

(ii)ਕੀਮਤ ਅਤੇ ਮੰਗੀ ਗਈ ਮਾਤਰਾ ਵਿੱਚ ਰਿਣਾਤਮਿਕ ਸਬੰਧ ਹੁੰਦਾ ਹੈ । ਮੰਗ ਵਕਰ ਦਾ ਢਲਾਣ ਖੱਬੇ ਤੋਂ ਸੱਜੇ ਹੇਠਾਂ ਵੱਲ ਹੁੰਦਾ ਹੈ।

(iii) ਬਿਨਾਂ ਸਰਕਾਰੀ ਦਖਲ ਅੰਦਾਜ਼ੀ ਦੇ ਪੂਰਤੀ ਅਤੇ ਮੰਗ ਦੀਆ ਸ਼ਕਤੀਆਂ ਸੁਤੰਤਰ ਰੂਪ ਨਾਲ ਕੰਮ ਕਰਦੀਆਂ ਹਨ।

 

ਪ੍ਰ.2:- ਮੰਗ ਵਿੱਚ ਵਾਧੇ ਅਤੇ ਕਮੀ ਦਾ ਸੰਤੁਲਨ ਕੀਮਤ ਤੇ ਕੀ ਪ੍ਰਭਾਵ ਪੈਂਦਾ ਹੈ?

ਉੱਤਰ:-ਜੇਕਰ ਵਸਤੂ ਦੀ ਪੂਰਤੀ ਸਥਿਰ ਰਹਿੰਦੀ ਹੈ ਤਾਂ ਮੰਗ ਦੇ ਵਧਣ ਨਾਲ ਕੀਮਤ ਵਧੇਗੀ ਅਤੇ ਮੰਗ ਦੇ ਘੱਟ ਹੌਣ ਤੇ ਕੀਮਤ ਘਟੇਗੀ। ਇਸ ਨੂੰ ਚਿੱਤਰ ਦੀ ਸਹਾਇਤਾ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ:

ਚਿੱਤਰ ਵਿੱਚ D1 ਪ੍ਰਾਰੰਭਿਕ ਮੰਗ ਵਕਰ ਅਤੇ S ਪੂਰਤੀ ਵਕਰ ਹੈ। P1 ਮੁੱਢਲੀ ਕੀਮਤ ਹੈ। ਮੰਨ ਲਓ ਜੇਕਰ ਮੰਗ ਵਿੱਚ ਵਾਧਾ ਹੋਣ ਕਾਰਨ ਮੰਗ ਵਕਰ ਸੱਜੇ ਵੱਲ ਖਿਸਕ ਕੇ D2 ਹੋ ਜਾਂਦੀ ਹੈ।ਨਵੀ ਮੰਗ ਵਕਰ, ਪੂਰਤੀ ਵਕਰ ਨੂੰ E2 ਤੇ ਕੱਟਦੀ ਹੈ।ਭਾਵ ਨਵਾਂ ਸੰਤੁਲਨ ਬਿੰਦੂ E2 ਹੋਵੇਗਾ। ਮਾਤਰਾ ਅਤੇ Oq2 ਨਵੀਂ ਸੰਤੁਲਨ ਕੀਮਤ ਹੋਵੇਗੀ।

ਇਸ ਦੇ ਉਲਟ ਮੰਗ ਵਿੱਚ ਕਮੀ ਹੋਣ ਨਾਲ ਕੀਮਤ ਘਟੇਗੀ । ਇਸ ਨੂੰ ਚਿੱਤਰ ਦੀ ਸਹਾਇਤਾ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ;

ਚਿੱਤਰ ਵਿੱਚ D ਪ੍ਰਾਰੰਭਿਕ ਮੰਗ ਵਕਰ ਅਤੇ S ਪੂਰਤੀ ਵਕਰ ਹੈ। P ਮੁੱਢਲੀ ਕੀਮਤ ਹੈ। ਮੰਨ ਲਓ ਜੇਕਰ ਮੰਗ ਵਿੱਚ ਕਮੀ ਹੋਣ ਕਾਰਨ ਮੰਗ ਵਕਰ ਖੱਬੇ ਵੱਲ ਖਿਸਕ ਕੇ D1 ਹੋ ਜਾਂਦੀ ਹੈ। ਨਵੀ ਮੰਗ ਵਕਰ, ਪੂਰਤੀ ਵਕਰ ਨੂੰ E1 ਤੇ ਕੱਟਦੀ ਹੈ। ਭਾਵ ਨਵਾਂ ਸੰਤੁਲਨ ਬਿੰਦੂ E1 ਹੋਵੇਗਾ। Oq1 ਸੰਤੁਲਨ ਮਾਤਰਾ ਅਤੇ op1 ਨਵੀਂ ਸੰਤੁਲਨ ਕੀਮਤ ਹੋਵੇਗੀ।

 

ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੂਰਤੀ ਦੇ ਸਥਿਰ ਰਹਿਣ'ਤੇ ਜਦੋਂ ਕਿਸੇ ਵਸਤੁ ਦੀ ਮੰਗ ਵਿੱਚ ਵਾਧਾ ਹੁੰਦਾ ਹੈ ਤਾਂ ਸੰਤੁਲਨ ਕੀਮਤ ਵੱਧ ਜਾਂਦੀ ਹੈ। ਇਸ ਦੇ ਉਲਟ ਜੇਕਰ ਮੰਗ ਵਿੱਚ ਕਮੀ ਹੁੰਦੀ ਹੈ ਤਾਂ ਸੰਤੁਲਨ ਕੀਮਤ ਵੀ ਘੱਟ ਹੋ ਜਾਂਦੀ ਹੈ।

 

 

ਪ੍ਰ.3; - ਪੂਰਤੀ ਵਿੱਚ ਵਾਧੇ ਅਤੇ ਕਮੀ ਦਾ ਸੰਤੁਲਨ ਕੀਮਤ ਤੇ ਕੀ ਪ੍ਰਭਾਵ ਪੈਂਦਾ ਹੈ?

ਉੱਤਰ:- ਜੇਕਰ ਵਸਤੂ ਦੀ ਮੰਗ ਸਥਿਰ ਰਹਿੰਦੀ ਹੈ ਤਾਂ ਪੂਰਤੀ ਦੇ ਵਧਣ ਨਾਲ ਕੀਮਤ ਘਟੇਗੀ ਅਤੇ ਪੂਰਤੀ ਦੇ ਘੱਟ ਹੋਣ ਤੇ ਕੀਮਤ ਵਧੇਗੀ। ਇਸ ਨੂੰ ਚਿੱਤਰ ਦੀ ਸਹਾਇਤਾ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ:

ਹੇਠਾਂ ਦਿੱਤੇ ਚਿੱਤਰ 1 ਵਿੱਚ ਪੂਰਤੀ ਦੇ ਵਾਧੇ ਨੂੰ ਦਰਸਾਇਆ ਗਿਆ ਹੈ। D ਮੰਗ ਵਕਰ ਅਤੇ S1 ਮੱਢਲੀ ਪੂਰਤੀ ਵਕਰ ਹੈ। P1 ਸੰਤੁਲਨ ਕੀਮਤ ਹੈ। ਮੰਨ ਲਓ ਪੂਰਤੀ ਵਿੱਚ ਵਾਧਾ ਹੋਣ ਕਾਰਨ ਪੂਰਤੀ ਵਕਰ ਹੇਠਾਂ ਵੱਲ ਖਿਸਕ ਕੇ S2 ਹੋ ਜਾਂਦੀ ਹੈ।ਨਵੀਂ ਪੂਰਤੀ ਵਕਰ S2 ਮੰਗ ਵਕਰ D ਨੂੰ ਬਿੰਦੂ E2 ਤੇ ਕੱਟਦੀ ਹੈ।ਭਾਵ E2 ਨਵਾਂ ਸੰਤੁਲਨ ਬਿੰਦੂ ਹੋਵੇਗਾ। Q2 ਨਵੀਂ ਸੰਤੁਲਨ ਦੀ ਮਾਤਰਾ ਹੋਵੇਗੀ।

ਇਸ ਦੇ ਉਲਟ ਪੂਰਤੀ ਵਿੱਚ ਕਮੀ ਹੋਣ ਨਾਲ ਪੂਰਤੀ ਵਕਰ ਖੱਬੇ ਪਾਸੇ ਖਿਸਕ S2 ਮੰਗ ਵਕਰ D ਨੂੰ E2 ਬਿੰਦੂ ਤੇ ਕੱਟ ਰਹੀ ਹੈ। ਜਿਸਨੂੰ ਚਿੱਤਰ 2 ਵਿੱਚ ਦਰਸਾਇਆ ਗਿਆ ਹੈ। ਨਵਾਂ ਸੰਤੁਲਨ ਬਿੰਦੂ E2 ਹੋਵੇਗਾ ਇਸ ਬਿੰਦੂ ਤੇ P2 ਨਵੀਂ ਸੰਤੁਲਨ ਕੀਮਤ ਅਤੇ ਨਵੀਂ ਸੰਤੁਲਨ ਦੀ ਮਾਤਰਾ Q2 ਹੋਵੇਗੀ

 

ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮੰਗ ਦੇ ਸਥਿਰ ਰਹਿਣ 'ਤੇ ਜਦੋ ਕਿਸੇ ਵਸਤੁ ਦੀ ਪੂਰਤੀ ਵਿੱਚ ਵਾਧਾ ਹੁੰਦਾ ਹੈ ਤਾਂ ਸੰਤੁਲਨ ਕੀਮਤ ਘੱਟ ਜਾਂਦੀ ਹੈ। ਇਸ ਦੇ ਉਲਟ ਜੇਕਰ ਪੂਰਤੀ ਵਿੱਚ ਕਮੀ ਹੁੰਦੀ ਹੈ ਤਾਂ ਸੰਤੁਲਨ ਕੀਮਤ ਵੱਧ ਜਾਂਦੀ ਹੈ।

 

ਪ੍ਰ.4:- ਮੰਗ ਅਤੇ ਪੂਰਤੀ ਵਿੱਚ ਇਕੱਠੇ ਵਾਧਾ ਹੋਣ ਦਾ ਸੰਤੁਲਨ ਕੀਮਤ ਤੇ ਕੀ ਪ੍ਰਭਾਵ ਪੈਂਦਾ ਹੈ?

ਉੱਤਰ:-ਅਸੀਂ ਜਾਣਦੇ ਹਾਂ ਕਿ ਮੰਗ ਅਤੇ ਪੂਰਤੀ ਵਿੱਚ ਵਾਧਾ ਹੋਣ ਦੇ ਕਾਰਨ ਵਸਤੂ ਦੀ ਸੰਤੁਲਨ ਮਾਤਰਾ ਵਿੱਚ ਜਰੂਰ ਵਾਧਾ ਹੁੰਦਾ ਹੈ। ਪਰ ਕੀਮਤ ਵਿੱਚ ਕੋਈ ਪਰਿਵਰਤਨ ਹੋਵੇਗਾ ਜਾਂ ਨਹੀਂ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਮੰਗ ਵਿੱਚ ਪੂਰਤੀ ਦੀ ਤੁਲਨਾ ਵਿੱਚ ਅਧਿਕ ਵਾਧਾ ਹੁੰਦਾ ਹੈ, ਬਰਾਬਰ ਦਾ ਵਾਧਾ ਹੁੰਦਾ ਹੈ ਜਾਂ ਘਾਟਾ ਹੁੰਦਾ ਹੈ। ਇਸ ਤਰ੍ਹਾਂ ਮੰਗ ਅਤੇ ਪੂਰਤੀ ਵਿੱਚ ਇਕੱਠੇ ਪਰਿਵਰਤਨ ਹੋਣ ਨਾਲ ਸੰਤੁਲਨ ਕੀਮਤ ਤੇ ਪ੍ਰਭਾਵ ਸੰਬੰਧੀ ਤਿੰਨ ਅਵਸਥਾਵਾਂ ਹੋ ਸਕਦੀਆਂ ਹਨ । 

 

ਚਿੱਤਰ 3 ਤੋਂ ਪਤਾ ਲੱਗਦਾ ਹੈ ਕਿ D1 ਪ੍ਰਾਰੰਭਿਕ ਮੰਗ ਵਕਰ ਹੈ ਅਤੇ S1 ਪ੍ਰਾਰੰਭਿਕ ਪੂਰਤੀ ਵਕਰ ਹੈ ਸੰਤੁਲਨ ਕੀਮਤ P1 ਅਤੇ ਸੰਤੁਲਨ ਉਤਪਾਦਨ Q1 ਹੈ ।ਮੰਗ ਦੇ ਵੱਧਣ ਦੇ ਕਾਰਨ ਨਵੀਂ ਮੰਗ ਵਕਰ D2 ਹੋਂ ਜਾਂਦੀ ਹੈ ਅਤੇ ਪੂਰਤੀ ਦੇ ਵੱਧਣ ਨਾਲ ਪੂਰਤੀ ਵਕਰ S2 ਹੋ ਜਾਂਦੀ ਹੈ। ਇਸ ਸਥਿਤੀ ਵਿੱਚ ਮੰਗ ਵਿੱਚ ਪੂਰਤੀ ਦੀ ਤੁਲਨਾ ਵਿੱਚ ਘੱਟ ਵਾਧਾ ਹੋਇਆ ਹੈ। ਨਵੀਂ ਸੰਤੁਲਨ ਕੀਮਤ ਘੱਟ ਕੇ P2 ਹੋ ਜਾਵੇਗੀ।

ਚਿੱਤਰ 4 ਤੋਂ ਪਤਾ ਲੱਗਦਾ ਹੈ ਕਿ ਮੰਗ ਅਤੇ ਪੂਰਤੀ ਵਿੱਚ ਬਰਾਬਰ ਵਾਧਾ ਹੋਇਆ ਹੈ ਇਸ ਲਈ ਕੀਮਤ ਵਿੱਚ ਕੋਈ ਪਰਿਵਰਤਨ ਨਹੀਂ ਹੋਇਆ। ਕੀਮਤ ਪਹਿਲਾਂ ਜਿੰਨੀ P ਹੀ ਹੈ ਪਰ ਵਸਤੂ ਦੀ ਮੰਗ ਅਤੇ ਪੂਰਤੀ Q1 ਤੋ ਵੱਧ ਕੇ Q2 ਹੋ ਗਈ ਹੈ। ਇਸ ਤਰ੍ਹਾਂ ਜਦੋਂ ਮੰਗ ਅਤੇ ਪੂਰਤੀ ਵਿੱਚ ਬਰਾਬਰ ਵਾਧਾ ਹੁੰਦਾ ਹੈ ਤਾਂ ਸੰਤੁਲਨ ਕੀਮਤ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ ।ਪਰ ਸੰਤੁਲਨ ਮਾਤਰਾ ਵਿੱਚ ਪਰਿਵਰਤਨ ਹੁੰਦਾ ਹੈ ਭਾਵ ਇਹ ਵੱਧ ਜਾਂਦੀ ਹੈ।

ਚਿੱਤਰ 5 ਤੋ ਪਤਾ ਲੱਗਦਾ ਹੈ ਕਿ D ਪ੍ਰਾਰੰਭਿਕ ਮੰਗ ਵਕਰ ਹੈ ਅਤੇ S ਪ੍ਰਾਰੰਭਿਕ ਪੂਰਤੀ ਵਕਰ ਹੈ ਸੰਤੁਲਨ ਕੀਮਤ P ਅਤੇ ਸੰਤੁਲਨ ਉਤਪਾਦਨ Q ਹੈ ।ਮੰਗ ਦੇ ਵੱਧਣ ਦੇ ਕਾਰਨ ਨਵੀਂ ਮੰਗ ਵਕਰ D1 ਹੋ ਜਾਂਦੀ ਹੈ ਅਤੇ ਪੂਰਤੀ ਦੇ ਵੱਧਣ ਨਾਲ ਪੂਰਤੀ ਵਕਰ S1 ਹੋ ਜਾਂਦੀ ਹੈ। ਇਸ ਸਥਿਤੀ ਵਿੱਚ ਮੰਗ ਵਿੱਚ ਪੂਰਤੀ ਦੀ ਤੁਲਨਾ ਵਿੱਚ ਵੱਧ ਵਾਧਾ ਹੋਇਆ ਹੈ। ਨਵੀਂ ਸੰਤੁਲਨ ਕੀਮਤ ਵੱਧ ਕੇ P1 ਹੋ ਜਾਵੇਗੀ।ਪਰ ਵਸਤੂ ਦੀ ਮੰਗ ਅਤੇ ਪੂਰਤੀ ਦੀ ਮਾਤਰਾ Q ਤੋਂ ਵਧ ਕੇ Q1 ਹੋ ਗਈ ਹੈ।ਇਸ ਤਰ੍ਹਾਂ ਜਦੋਂ ਮੰਗ , ਪੂਰਤੀ ਦੀ ਤੁਲਨਾ ਵਿੱਚ ਅਧਿਕ ਵੱਧਦੀ ਹੈ ਤਾਂ ਸੰਤੁਲਨ ਕੀਮਤ ਅਤੇ ਮਾਤਰਾ ਵਿੱਚ ਵਾਧਾ ਹੁੰਦਾ ਹੈ।

 

ਪ੍ਰ.4. : - ਮੰਗ ਅਤੇ ਪੂਰਤੀ ਵਿੱਚ ਇਕੱਠੇ ਕਮੀ ਹੋਣ ਦਾ ਸੰਤੁਲਨ ਕੀਮਤ ਤੇ ਕੀ ਪ੍ਰਭਾਵ ਪੈਂਦਾ ਹੈ?

ਉੱਤਰ:- ਹੇਠਾਂ ਦਿੱਤੇ ਚਿੱਤਰਾਂ ਵਿੱਚ ਮੰਗ ਅਤੇ ਪੂਰਤੀ ਵਿੱਚ ਇਕੱਠੀ ਕਮੀ ਦਾ ਕੀਮਤ ਅਤੇ ਮਾਤਰਾ ਤੇ ਪੈਣ ਵਾਲੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ:-

ਅਸੀਂ ਜਾਣਦੇ ਹਾਂ ਕਿ ਮੰਗ ਅਤੇ ਪੂਰਤੀ ਵਿੱਚ ਕਮੀ ਹੋਣ ਦੇ ਕਾਰਨ ਵਸਤੂ ਦੀ ਸੰਤੁਲਨ ਮਾਤਰਾ ਵਿੱਚ ਜਰੂਰ ਕਮੀ ਹੁੰਦੀ ਹੈ।ਪਰ ਕੀਮਤ ਵਿੱਚ ਕੋਈ ਪਰਿਵਰਤਨ ਹੋਵੇਗਾ ਜਾਂ ਨਹੀਂ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਮੰਗ ਵਿੱਚ ਪੂਰਤੀ ਦੀ ਤੁਲਨਾ ਵਿੱਚ ਅਧਿਕ ਕਮੀ ਹੁੰਦੀ ਹੈ, ਬਰਾਬਰ ਦਾ ਕਮੀ ਹੁੰਦੀ ਹੈ ਜਾਂ ਘੱਟ ਕਮੀ ਹੁੰਦੀ ਹੈ। ਇਸ ਤਰ੍ਹਾਂ ਮੰਗ ਅਤੇ ਪੂਰਤੀ ਵਿੱਚ ਇਕੱਠੇ ਪਰਿਵਰਤਨ ਹੋਣ ਨਾਲ ਸੰਤੁਲਨ ਕੀਮਤ ਤੇ ਪ੍ਰਭਾਵ ਸੰਬੰਧੀ ਤਿੰਨ ਅਵਸਥਾਵਾਂ ਹੋ ਸਕਦੀਆਂ ਹਨ । 

 

ਚਿੱਤਰ 6 ਤੋਂ ਪਤਾ ਲੱਗਦਾ ਹੈ ਕਿ D ਪ੍ਰਾਰੰਭਿਕ ਮੰਗ ਵਕਰ ਹੈ ਅਤੇ S ਪ੍ਰਾਰੰਭਿਕ ਪੂਰਤੀ ਵਕਰ ਹੈ ਸੰਤੁਲਨ ਕੀਮਤ P ਅਤੇ ਸੰਤੁਲਨ ਉਤਪਾਦਨ Q ਹੈ ।ਮੰਗ ਵਿੱਚ ਕਮੀ ਦੇ ਕਾਰਨ ਖੱਬੇ ਪਾਸੇ ਨਵੀਂ ਮੰਗ ਵਕਰ D1 ਹੋ ਜਾਂਦੀ ਹੈ ਅਤੇ ਪੂਰਤੀ ਕਮੀ ਦੇ ਨਵੀਂ ਪੂਰਤੀ ਵਕਰ S1 ਹੋ ਜਾਂਦੀ ਹੈ। ਇਸ ਸਥਿਤੀ ਵਿੱਚ ਮੰਗ ਵਿੱਚ ਪੂਰਤੀ ਦੀ ਤੁਲਨਾ ਵਿੱਚ ਘੱਟ ਕਮੀ ਹੋਈ ਹੈ। ਨਵੀਂ ਸੰਤੁਲਨ ਕੀਮਤ ਵੱਧ ਕੇ P1 ਹੋ ਜਾਵੇਗੀ।

ਚਿੱਤਰ 7 ਤੋ ਪਤਾ ਲੱਗਦਾ ਹੈ ਕਿ ਮੰਗ ਅਤੇ ਪੂਰਤੀ ਵਿੱਚ ਬਰਾਬਰ ਕਮੀ ਹੈ ਇਸ ਲਈ ਕੀਮਤ ਵਿੱਚ ਕੋਈ ਪਰਿਵਰਤਨ ਨਹੀਂ ਹੋਇਆ। ਕੀਮਤ ਪਹਿਲਾੰ ਜਿੰਨੀ P ਹੀ ਹੈ ਪਰ ਵਸਤੂ ਦੀ ਮੰਗ ਅਤੇ ਪੂਰਤੀ Q ਤੋਂ ਘੱਟ ਕੇ Q1 ਹੋ ਗਈ ਹੈ।ਇਸ ਤਰ੍ਹਾਂ ਜਦੋ ਮੰਗ ਅਤੇ ਪੂਰਤੀ ਵਿੱਚ ਬਰਾਬਰ ਕਮੀ ਹੁੰਦੀ ਹੈ ਤਾਂ ਸੰਤੁਲਨ ਕੀਮਤ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ । ਪਰ ਸੰਤੁਲਨ ਮਾਤਰਾ ਵਿੱਚ ਪਰਿਵਰਤਨ ਹੁੰਦਾ ਹੈ ਭਾਵ ਇਹ ਘੱਟ ਜਾਂਦੀ ਹੈ।

ਚਿੱਤਰ 8 ਤੋਂ ਪਤਾ ਲੱਗਦਾ ਹੈ ਕਿ D ਪ੍ਰਾਰੰਭਿਕ ਮੰਗ ਵਕਰ ਹੈ ਅਤੇ S ਪ੍ਰਾਰੰਭਿਕ ਪੂਰਤੀ ਵਕਰ ਹੈ ਸੰਤੁਲਨ ਕੀਮਤ P ਅਤੇ ਸੰਤੁਲਨ ਉਤਪਾਦਨ Q ਹੈ ।ਮੰਗ ਵਿੱਚ ਕਮੀ ਦੇ ਕਾਰਨ ਨਵੀਂ ਮੰਗ ਵਕਰ D1 ਹੋ ਜਾਂਦੀ ਹੈ ਅਤੇ ਪੂਰਤੀ ਵਿੱਚ ਕਮੀ ਨਾਲ ਪੂਰਤੀ ਵਕਰ S1 ਹੋ ਜਾਂਦੀ ਹੈ। ਇਸ ਸਥਿਤੀ ਵਿੱਚ ਮੰਗ ਵਿੱਚ ਪੂਰਤੀ ਦੀ ਤੁਲਨਾ ਵਿੱਚ ਵੱਧ ਕਮੀ ਹੋਈ ਹੈ। ਨਵੀਂ ਸੰਤੁਲਨ ਕੀਮਤ ਵੱਧ ਕੇ P1 ਹੋ ਜਾਵੇਗੀ। ਪਰ ਵਸਤੂ ਦੀ ਮੰਗ ਅਤੇ ਪੂਰਤੀ ਦੀ ਮਾਤਰਾ Q ਤੋਂ ਘੱਟ ਕੇ Q1 ਹੋ ਗਈ ਹੈ।ਇਸ ਤਰ੍ਹਾਂ ਜਦੋਂ ਮੰਗ ,ਪੂਰਤੀ ਦੀ ਤੁਲਨਾ ਵਿੱਚ ਅਧਿਕ ਘੱਟਦੀ ਹੈ ਤਾਂ ਸੰਤੁਲਨ ਕੀਮਤ ਅਤੇ ਮਾਤਰਾ ਵਿੱਚ ਕਮੀ ਹੁੰਦੀ ਹੈ।